ਦੋਸਤਾਂ ਵਿੱਚ ਫਰਾਡ

ਭਰੋਸੇ ਅਤੇ ਦੋਸਤੀ ਦਾ ਫਾਇਦਾ ਉਠਾਉਣਾ
ਕਦੇ-ਕਦੇ ਅਸੀਂ ਸਲਾਹ ਵਾਸਤੇ ਆਪਣੇ ਪਰਿਵਾਰ, ਦੋਸਤਾਂ ਜਾਂ ਨਾਲ ਕੰਮ ਕਰਨ ਵਾਲਿਆਂ ਤੇ ਨਿਰਭਰ ਕਰਦੇ ਹਾਂ। ਜਦੋਂ ਘੋਟਾਲੇਬਾਜ਼ ਲੋਕਾਂ ਦੇ ਗਰੁੱਪ ਨੂੰ ਨਿਸ਼ਾਨਾ ਬਣਾਉਂਦੇ ਹਨ, ਅਸੀਂ ਇਸ ਨੂੰ ਨੇੜਤਾ ਫਰਾਡ ਕਹਿੰਦੇ ਹਾਂ।

ਸਫਲ ਹੋਣ ਲਈ, ਘੋਟਾਲੇਬਾਜ਼ਾਂ ਨੂੰ ਕਿਸੇ ਗਰੁੱਪ, ਪਰਿਵਾਰ ਜਾਂ ਕੰਮ ਦੇ ਸਥਾਨ ਤੇ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦਾ ਭਰੋਸਾ ਜਿੱਤਣ ਦੀ ਲੋੜ ਹੁੰਦੀ ਹੈ। ਇੱਕ ਵਾਰ ਇਹ ਸਬੰਧ ਬਣ ਜਾਣ ਦੇ ਬਾਅਦ (ਅਤੇ ਇਸ ਵਿੱਚ ਸਮਾਂ ਲੱਗ ਸਕਦਾ ਹੈ), ਉਹ ਇਸ ਸੰਪਰਕ ਨੂੰ ਗਰੁੱਪ ਵਿਚਲੇ ਦੂਜੇ ਲੋਕਾਂ ਦਾ ਪੈਸਾ ਖਿੱਚਣ ਲਈ ਵਰਤਦੇ ਹਨ। ਕੁਝ ਮਾਮਲਿਆਂ ਵਿੱਚ, ਉਹ ਆਪਣੀ ਮਦਦ ਵਾਸਤੇ ਪ੍ਰਭਾਵ ਰੱਖਣ ਵਾਲੇ ਵਿਅਕਤੀ ਨੂੰ ਪੈਸੇ ਵੀ ਦੇ ਸਕਦੇ ਹਨ, ਪਰ ਉਸ ਵਿਅਕਤੀ ਨੂੰ ਇਹ ਕਦੇ ਨਹੀਂ ਦਸਦੇ ਕਿ ਇਨਵੈਸਟਮੈਂਟ ਅਸਲ ਵਿੱਚ ਇੱਕ ਘੋਟਾਲਾ ਹੈ।

ਉਹ ਕੀ ਵੇਚ ਰਹੇ ਹਨ?
ਇਸ ਕਿਸਮ ਦੇ ਜ਼ਿਆਦਾਤਰ ਫਰਾਡ ਪੋਂਜ਼ੀ ਸਕੀਮਾਂ ਹੁੰਦੀਆਂ ਹਨ – ਜਿਨ੍ਹਾਂ ਵਿੱਚ ਧੋਖੇਬਾਜ਼ ਨਵੇਂ ਇਨਵੈਸਟਰਾਂ ਕੋਲੋਂ ਪੈਸੇ ਲੈ ਕੇ ਪੁਰਾਣੇ ਇਨਵੈਸਟਰਾਂ ਨੂੰ ਭੁਗਤਾਨ ਕਰਦਾ ਹੈ।

ਇਨਵੈਸਟਰਾਂ ਨੂੰ ਪੈਸੇ ਕਮਾਉਣ ਦਾ ਇੱਕ ਆਕਰਸ਼ਕ ਮੌਕਾ ਦਿਖਾਇਆ ਜਾਂਦਾ ਹੈ। ਸਿਰਫ਼ ਧੋਖੇਬਾਜ਼ ਅਤੇ ਉਸ ਦੇ ਸਹਾਇਕਾਂ ਨੂੰ ਹੀ ਪਤਾ ਹੁੰਦਾ ਹੈ ਕਿ ਕੀਤੀ ਜਾ ਰਹੀ ਇਨਵੈਸਟਮੈਂਟ ਅਸਲ ਵਿੱਚ ਇਕ ਪੋਂਜ਼ੀ ਸਕੀਮ ਹੈ। ਉਹ ਉਤਪਾਦ ਵੇਚਣ ਲਈ ਬਹੁਤ ਕੁਝ ਕਰਦੇ ਹਨ, ਕਦੇ-ਕਦੇ ਇਨਵੈਸਟਰਾਂ ਨੂੰ ਇਹ ਵਿਸ਼ਵਾਸ ਦਿਲਾਉਣ ਲਈ ਕਿ ਉਹਨਾਂ ਦੇ ਪੈਸੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ, ਉਹ ਨਕਲੀ ਸਟੇਟਮੈਂਟਾਂ ਵੀ ਬਣਾਉਂਦੇ ਹਨ।

ਇਹ ਮੰਨਦੇ ਹੋਏ ਕਿ ਉਹਨਾਂ ਦੀ ਇਨਵੈਸਟਮੈਂਟ ਸਫਲ ਹੈ, ਮੌਜੂਦਾ ਇਨਵੈਸਟਰ ਦੂਜਿਆਂ ਨੂੰ ਇਸਦੇ ਵਧੀਆ ਹੋਣ ਦੀ ਤਸਦੀਕ ਕਰਦੇ ਹਨ। ਅੰਤ ਵਿੱਚ, ਨਵੇਂ ਇਨਵੈਸਟਰਾਂ ਦੀ ਸਪਲਾਈ ਬੰਦ ਹੋ ਜਾਂਦੀ ਹੈ, ਪੂਰੀ ਸਕੀਮ ਢਹਿ-ਢੇਰੀ ਹੋ ਜਾਂਦੀ ਹੈ, ਅਤੇ ਧੋਖੇਬਾਜ਼ ਸਭ ਤੋਂ ਜ਼ਿਆਦਾ ਪੈਸਾ ਕਮਾਉਂਦੇ ਹਨ।